ਜੌਸਫ ਸਾਸਵਾਰੀ ਮੈਮੋਰੀਅਮਲ ਸਕਾਲਰਸ਼ਿਪ

ਹਰ ਸਾਲ ਅੰਬਰੇਲ ਕੋ-ਅੱਪ ਅਤੇ ਬੀ ਸੀ ਐੱਮ ਐੱਚ ਐੱਸ ਐੱਸ, ਕਿਸੇ ਅਜਿਹੇ ਇਮੀਗਰਾਂਟ ਜਾਂ ਰਫਿਊਜੀ ਨੂੰ 500 ਡਾਲਰ ਦਾ ਵਜ਼ੀਫਾ (ਸਕਾਲਰਸ਼ਿਪ) ਦਿੰਦੇ ਹਨ ਜਿਹੜਾ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹੁੰਦਾ ਹੈ। ਇਹ ਵਜ਼ੀਫਾ ਜੌਸਫ ਸਾਸਵਾਰੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਜੌਸਫ ਸਾਸਵਾਰੀ 1934 ਵਿਚ ਹੰਗਰੀ ਵਿਚ ਪੈਦਾ ਹੋਇਆ ਸੀ, ਅਤੇ ਬਹੁਤ ਸਾਰੇ ਹੋਰ ਲੋਕਾਂ ਵਾਂਗ 1956 ਦੇ ਬਿਪਤਾਜਨਕ ਇਨਕਲਾਬ ਤੋਂ ਬਾਅਦ ਰਫਿਊਜੀ ਦੇ ਤੌਰ `ਤੇ ਕੈਨੇਡਾ ਆਇਆ ਸੀ। ਉਸ ਨੇ ਬ੍ਰਿਟਿਸ਼ ਕੋਲੰਬੀਆ ਨੂੰ ਆਪਣਾ ਨਵਾਂ ਘਰ ਬਣਾਇਆ, ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦੂਜਿਆਂ ਲਈ ਸਮਰਪਿਤ ਕੀਤੀ, ਪਹਿਲਾਂ ਕੂਟਨੀਜ਼ ਵਿਚ ਸੋਸ਼ਲ ਵਰਕਰ ਦੇ ਤੌਰ `ਤੇ, ਬਾਅਦ ਵਿਚ ਵੈਨਕੂਵਰ ਆਈਲੈਂਡ `ਤੇ ਸ਼ਰਾਬ ਅਤੇ ਨਸ਼ੇ ਛਡਾਉਣ ਵਾਲੇ ਦੇ ਤੌਰ `ਤੇ, ਅਤੇ ਅਖੀਰ ਵਿਚ, ਵੈਨਕੂਵਰ ਵਿਚ ਆਏ ਨਵੇਂ ਕੈਨੇਡੀਅਨਾਂ ਦੀ ਮਦਦ ਕਰਨ ਵਾਲੇ ਹੈਲਥ ਐਡਮਿਨਸਟਰੇਟਿਵ ਵਜੋਂ।

1980 ਵਿਆਂ ਵਿਚ, ਸਾਸਵਾਰੀ ਸਿਟੀ ਆਫ ਵੈਨਕੂਵਰ ਦੇ ਸਿਹਤ ਵਿਭਾਗ ਵਿਚ ਸਾਊਥ ਅਤੇ ਈਸਟ ਹੈਲਥ ਯੂਨਿਟਾਂ ਦਾ ਡਾਇਰੈਕਟਰ ਬਣ ਗਿਆ। ਉੱਥੇ ਉਸ ਨੇ ਨਾ ਸਿਰਫ ਸਿਹਤ ਸੇਵਾਵਾਂ ਦੀ ਲੋੜ ਦੇਖੀ, ਸਗੋਂ ਇਮੀਗਰਾਂਟਾਂ ਨੂੰ ਉਨ੍ਹਾਂ ਦੀਆਂ ਜ਼ਬਾਨਾਂ ਵਿਚ ਸੇਵਾਵਾਂ ਦੇਣ ਦੀ ਵੱਡੀ ਲੋੜ ਵੀ ਦੇਖੀ। ਸਾਸਵਾਰੀ ਸ਼ਹਿਰ ਦਾ ਪਹਿਲਾ ਅਧਿਕਾਰੀ ਸੀ ਜਿਸ ਨੇ ਬਾਕਾਇਦਾ ਅਜਿਹੀਆਂ ਨਰਸਾਂ ਅਤੇ ਹੋਰ ਸਟਾਫ ਭਰਤੀ ਕੀਤਾ ਜਿਹੜੇ ਕੈਂਟੋਨੀਜ਼, ਪੰਜਾਬੀ, ਵੀਅਤਨਾਮੀ ਅਤੇ ਸਪੇਨੀ ਬੋਲ ਸਕਦੇ ਸਨ। ਉਸ ਨੇ ਮਲਟੀਕਲਚਰਲ ਹੈਲਥ ਐਜੂਕੇਟਰ ਦੀ ਪਦਵੀ ਕਾਇਮ ਕੀਤੀ, ਬਹੁਸਭਿਆਚਾਰਕ ਸੁਸਾਇਟੀਆਂ ਅਤੇ ਸੇਵਾਵਾਂ ਦੇਣ ਵਾਲੀਆਂ ਏਜੰਸੀਆਂ ਦੇ ਜੋੜ ਦੀ ਬਹੁਸਭਿਆਚਾਰਕ ਸਿਹਤ ਕਮੇਟੀ ਦੀ ਪ੍ਰਧਾਨਗੀ ਕੀਤੀ, ਅਤੇ ਸਿਟੀ ਆਫ ਵੈਨਕੂਵਰ ਦੇ ਰੇਸ ਰੀਲੇਸ਼ਨਜ਼ ਲਾਇਜ਼ਾਨ ਵਜੋਂ ਸੇਵਾ ਕੀਤੀ। ਨਾ ਸਿਰਫ ਇਕੱਲੇ ਵੈਨਕੂਵਰ ਵਿਚ, ਸਗੋਂ ਸਾਰੇ ਕੈਨੇਡਾ ਵਿਚ ਚੇਤਨਤਾ ਦੀ ਲੋੜ ਨੂੰ ਸਮਝਦੇ ਹੋਏ, ਉਸ ਨੇ ਬਹੁਸਭਿਆਚਾਰਕ ਸਿਹਤ ਮਾਮਲਿਆਂ ਬਾਰੇ ਦੇਸ਼ ਵਿਚ ਹੋਈਆਂ ਦੋ ਕਾਨਫਰੰਸਾਂ ਦਾ ਸਹਿ-ਪ੍ਰਬੰਧ ਕੀਤਾ।

1994 ਵਿਚ ਉਸ ਦੀ ਰਿਟਾਇਰਮੈਂਟ ਤੋਂ ਥੋੜ੍ਹਾ ਸਮਾਂ ਪਹਿਲਾਂ, ਸਾਸਵਾਰੀ ਨੇ ਬੀ ਸੀ ਮਲਟੀਕਲਚਰਲ ਹੈਲਥ ਸਰਵਿਸਿਜ਼ ਸੁਸਾਇਟੀ ਬਣਾਉਣ ਵਿਚ ਮਦਦ ਕੀਤੀ, ਜਿਹੜੀ ਇਲਾਜ ਅਤੇ ਰੋਕਥਾਮ ਦੇ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਵਿਚ ਇਮੀਗਰਾਂਟਾਂ ਦੀ ਮਦਦ ਕਰਦੀ ਹੈ। ਉਹ ਸੁਸਾਇਟੀ ਦੇ ਮੈਂਬਰਾਂ ਲਈ ਪ੍ਰੇਰਨਾ ਦਾ ਸ੍ਰੋਤ ਬਣਨਾ ਜਾਰੀ ਹੈ, ਜਿਸ ਨੇ 1996 ਵਿਚ ਉਸ ਦੀ ਮੌਤ ਤੋਂ ਛੇਤੀ ਬਾਅਦ, ਉਸ ਦੇ ਕੰਮ ਨੂੰ ਅਗਾਂਹ ਵਧਾਉਣ ਅਤੇ ਕੈਨੇਡਾ ਵਿਚ ਨਵੇਂ ਆਇਆਂ ਦੀ ਮਦਦ ਕਰਨ ਦੀ ਆਸ ਨਾਲ ਸਕਾਲਰਸ਼ਿਪ ਫੰਡ ਸਥਾਪਤ ਕੀਤਾ।